/ Aug 17, 2025
ਬਠਿੰਡਾ : ਜ਼ਿਲ੍ਹੇ ਦੇ ਪਿੰਡ ਸੇਖੂ ਵਿੱਚ ਇਕ ਕੁੜੀ ਨੇ ਆਪਣੇ ਹੀ ਪਿੰਡ ਦੇ ਇੱਕ ਮੁੰਡੇ ਨਾਲ ਪ੍ਰੇਮ ਵਿਆਹ ਕਰਵਾ ਲਿਆ, ਜਿਸ ਤੋਂ ਦੁਖੀ ਹੋ ਕੇ ਕੁੜੀ ਦੀ ਦਾਦੀ ਨੇ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਆਧਰ ਤੇ ਸੁਖਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਵਾਸੀਆਨ ਪਿੰਡ ਸੇਖੂ ਖਿਲਾਫ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੇਖੂ ਦੀ ਸੁਖਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਨੇ ਘਰੋਂ ਭੱਜ ਕੇ ਦੋਵਾਂ ਪਰਿਵਾਰਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾ ਲਿਆ। ਹੁਣ ਦੋਵੇਂ ਪਤੀ ਪਤਨੀ ਵਜੋਂ ਪਿੰਡ ਤੋਂ ਬਾਹਰ ਕਿਧਰੇ ਰਹਿ ਰਹੇ ਹਨ। ਇਹ ਰਿਸ਼ਤਾ ਕੁੜੀ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਪਰਿਵਾਰ ਇਸ ਵਿੱਚ ਆਪਣੀ ਬਦਨਾਮੀ ਸਮਝਦਾ ਆ ਰਿਹਾ ਸੀ। ਪਤਾ ਲੱਗਾ ਹੈ ਕਿ ਨੌਜਵਾਨ ਲਵਪ੍ਰੀਤ ਸਿੰਘ ਬਠਿੰਡਾ ਵਿਖੇ ਕਿਸੇ ਸੰਸਥਾ ਵਿੱਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ, ਜਦੋਂ ਕਿ ਕੁੜੀ ਸੁਖਪ੍ਰੀਤ ਕੌਰ ਬਠਿੰਡਾ ਵਿਖੇ ਹੀ ਸੈਲੂਨ ਦਾ ਕੰਮ ਸਿੱਖਣ ਲਈ ਹਰ ਰੋਜ਼ ਆਉਂਦੀ ਸੀ। ਇਸ ਦੌਰਾਨ ਹੀ ਦੋਵਾਂ ਦੀ ਨੇੜਤਾ ਪੈਦਾ ਹੋ ਗਈ, ਜਿਹੜੀ ਕਿ ਪ੍ਰੇਮ ਸਬੰਧਾਂ ਵਿੱਚ ਬਦਲ ਗਈ।
ਇਸ ਦੌਰਾਨ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਅਤੇ ਉਨ੍ਹਾਂ ਘਰੋਂ ਭੱਜ ਕੇ ਦੋਵਾਂ ਪਰਿਵਾਰਾਂ ਦੀ ਬਿਨਾਂ ਮਰਜ਼ੀ ਤੋਂ ਵਿਆਹ ਕਰਵਾ ਲਿਆ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕੁਲਵਿੰਦਰ ਕੌਰ ਵਾਸੀ ਪਿੰਡ ਸੇਖੂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸੁਖਪ੍ਰੀਤ ਕੌਰ ਨੇ ਘਰਦਿਆਂ ਤੋਂ ਬਿਨਾਂ ਮਰਜ਼ੀ ਦੇ ਹੀ ਲਵਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਦੁਖੀ ਹੋ ਕੇ ਕੁੜੀ ਦੀ ਦਾਦੀ ਜਸਮੇਲ ਕੌਰ 60 ਸਾਲ ਨੇ ਕੋਈ ਜਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਸੁਖਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ। ਥਾਣਾ ਰਾਮਾ ਮੰਡੀ ਦੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਿਤ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਦੋਵਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਪਰ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਪਿੰਡ ਵਿੱਚ ਨਹੀਂ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
Ujala Punjab is a renowned news portal providing updates on Punjab, with sections on politics, business, and culture.
Copyright Ujala Punjab,2025 Design By TodayWebTech Group.